ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਦੇ ਬਾਗੀ ਧੜ੍ਹੇ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਆਪਸ ਵਿੱਚ ਹੀ ਸਿੰਙ ਫਸਾ ਲਏ ਹਨ ਜਿਸ ਨਾਲ ਬਾਕੀ ਪਾਰਟੀਆਂ ਨੂੰ ਚੋਣ ਜਿੱਤਣਾ ਆਸਾਨ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਲੇਸ਼ ਤੋਂ ਪਹਿਲਾਂ ਪਾਰਟੀ ਵੱਲੋਂ ਇਸ ਜ਼ਿਮਨੀ ਚੋਣ ਲਈ ਸੁਰਜੀਤ ਕੌਰ ਨੂੰ ਉਮੀਦਵਾਰ ਐਲਾਇਆ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਾਜਨੀਤੀਕ ਹਾਲਤ ਪਤਲੀ ਹੁੰਦੇ ਦੇਖਦਿਆਂ ਹੀ ਪੈਂਤੜ੍ਹਾ ਬਦਲ ਕੇ ਬਸਪਾ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਪਾਰਟੀਆਂ ਅੱਗੇ ਸਥਿਤੀ ਬਦਤਰ ਹੋ ਗਈ ਹੈ।ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਨੂੰ ਮਹਿਜ 01 ਹੀ ਸੀਟ ਮਿਲਣ ਨਾਲ ਅਕਾਲੀ ਦਲ ਦਾ ਹਾਸ਼ੀਏ ਤੇ ਆਉਣ ਨਾਲ ਪਾਰਟੀ ਦੀ ਪੁਰਾਣੀ ਸ਼ਾਖ ਨੂੰ ਧੱਕਾ ਲੱਗਾ ਹੈ।ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਅਸੀ ਪਾਰਟੀ ਦੀ ਸਥਿਤੀ ਨੂੰ ਭਾਂਪਦਿਆ ਸੁਰਜੀਤ ਕੌਰ ਨੂੰ ਕਾਗਜ਼ ਵਾਪਿਸ ਲੈਣ ਲਈ ਕਿਹਾ ਸੀ ਪਰ ਉਹ ਬਾਗੀ ਧੜੇ ਪਿੱਛੇ ਲੱਗ ਕੇ ਅਜਿਹਾ ਨਹੀ ਕਰ ਸਕੇ। ਉੱਧਰ ਪਾਰਟੀ ਦੇ ਬਾਗੀ ਧੜੇ ਦੇ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲ਼ੂਕਾ, ਬੀਬੀ ਜ਼ੰਗੀਰ ਕੌਰ,ਪਰਮਿੰਦਰ ਸਿੰਘ ਢੀਂਡਸਾ,ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਚਰਨਜੀਤ ਸਿੰਘ ਬਰਾੜ ਵੱਲੋਂ ਕਿਹਾ ਗਿਆ ਕਿ ਅਸੀ ਪਾਰਟੀ ਦੀ ਟਕਸਾਲੀ ਆਗੂ ਸੁਰਜੀਤ ਕੌਰ ਨੂੰ ਹੀ ਹਮਾਇਤ ਕਰਾਂਗੇ।ਉੱਧਰ ਚੀਮਾਂ ਦਾ ਕਹਿਣਾ ਹੈ ਕਿ ਪਾਰਟੀ ਚਾਹੁੰਦੀ ਸੀ ਉਸ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਜਾਵੇ, ਜਿਸ ਨੇ ਤਕਰੀਬਨ 2 ਸਾਲ ਇਸ ਹਲਕੇ ਦੇ ਲੋਕਾਂ ਨਾਲ ਵਿਚਰੇ ਹੋਣ।ਪਰ ਬਾਗੀ ਧੜੇ੍ਹ ਨੇ ਸੁਰਜੀਤ ਕੌਰ ਨੂੰ ਚੋਣਾਂ ਵਿੱਚ ਝੋਕ ਕੇ ਪਾਰਟੀ ਦੀ ਸ਼ਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ।